ਖਰੀਦਣੀ ਹੈ ਜਾਂ ਲੀਜ਼ 'ਤੇ ਲੈਣੀ ਹੈ?

ਕਾਰ ਲੈਣ ਨਾਲ ਤੁਹਾਨੂੰ ਇੱਕ ਜਗ੍ਹਾ ਤੋਂ ਉਸ ਜਗ੍ਹਾ ਤੱਕ ਜਾਣ ਵਿੱਚ ਅਸਾਨੀ ਹੋ ਸਕਦੀ ਹੈ। ਤੁਹਾਨੂੰ ਜਨਤਕ ਟ੍ਰਾਂਸਪੋਰਟ ਦੀ ਉਡੀਕ ਕਰਨ, ਟੈਕਸੀ ਨੂੰ ਬੁਲਾਉਣ ਜਾਂ ਕਿਸੇ ਤੋਂ ਰਾਈਡ ਮੰਗਣੀ ਨਹੀਂ ਪਵੇਗੀ। ਇੱਕ ਵਾਰੀ ਜਦੋਂ ਤੁਸੀਂ ਇਹ ਚੋਣ ਕਰ ਲੈਂਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਦੀ ਕਾਰ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਫੈਸਲਾ ਕਰਨ ਦੀ ਲੋੜ ਹੋਵੇਗੀ ਕਿ ਇਸ ਲਈ ਕਿਵੇਂ ਭੁਗਤਾਨ ਕਰਨਾ ਹੈ: ਲੀਜ਼ 'ਤੇ ਲੈਣਾ ਹੈ ਜਾਂ ਖਰੀਦਣਾ ਹੈ।

ਕਾਰ ਦੀਆਂ ਚਾਬੀਆਂ ਦਾ ਚਿੱਤਰ।

ਲੀਜ਼ 'ਤੇ ਕਾਰ ਲੈਣੀ

ਜਦੋਂ ਤੁਸੀਂ ਕਾਰ ਲੀਜ਼ 'ਤੇ ਲੈਂਦੇ ਹੋ ਤਾਂ ਅਸਲ ਵਿੱਚ ਤੁਸੀਂ ਇਸ ਦੇ ਮਾਲਕ ਨਹੀਂ ਹੁੰਦੇ। ਕਾਰ ਤੁਹਾਡੇ ਵਰਤੋਂ ਅਤੇ ਆਨੰਦ ਲਈ ਹੈ, ਪਰ ਜਦੋਂ ਲੀਜ਼ ਸਮਾਪਤ ਹੋ ਜਾਂਦੀ ਹੈ ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਇਸ ਨੂੰ ਕਾਰ ਡੀਲਰਸ਼ਿਪ ਨੂੰ ਵਾਪਸ ਕਰਨਾ ਪੈਂਦਾ ਹੈ। ਕੈਨੇਡਾ ਵਿੱਚ ਕਾਰ ਲੀਜ਼ 'ਤੇ ਲੈਣ ਵਾਲੇ ਜ਼ਿਆਦਾਤਰ ਲੋਕ ਇਸ ਨੂੰ 2 ਤੋਂ 4 ਸਾਲ ਲਈ ਲੈਂਦੇ ਹਨ। ਜਿਸ ਸਮੇਂ ਲਈ ਤੁਸੀਂ ਕਾਰ ਲੀਜ਼ 'ਤੇ ਲੈਂਦੇ ਹੋ ਉਸ ਨੂੰ ਲੀਜ਼ ਦੀ ਮਿਆਦ ਕਿਹਾ ਜਾਂਦਾ ਹੈ। ਲੀਜ਼ ਦੇ ਭੁਗਤਾਨ ਮਹੀਨੇਵਾਰ ਅਧਾਰ 'ਤੇ ਕੀਤੇ ਜਾਂਦੇ ਹਨ।

ਲੀਜ਼ ਲੈਣ ਬਾਰੇ ਵਧੀਆ ਗੱਲ ਇਹ ਹੈ ਕਿ ਤੁਹਾਨੂੰ ਨਵੀਂ ਜਾਂ ਕਾਫੀ ਨਵੀਂ ਕਾਰ ਡ੍ਰਾਇਵ ਕਰਨ ਨੂੰ ਮਿਲਦੀ ਹੈ। ਜਦੋਂ ਤੁਹਾਡੀ ਲੀਜ਼ ਸਮਾਪਤ ਹੁੰਦੀ ਹੈ, ਤਾਂ ਤੁਹਾਡਾ ਕਾਰ ਡੀਲਰਸ਼ਿਪ ਹੋ ਸਕਦਾ ਹੈ ਕਿ ਤੁਹਾਨੂੰ ਉਸੇ ਕਾਰ ਦਾ ਸਭ ਤੋਂ ਤਾਜ਼ਾ ਮਾਡਲ ਜਾਂ ਉਸੇ ਕੰਪਨੀ ਦੀ ਕੋਈ ਹੋਰ ਕਾਰ ਲੀਜ਼ 'ਤੇ ਲੈਣ ਦਾ ਸੱਦਾ ਦੇਵੇ। ਇਸ ਸਮੇਂ ਤੁਸੀਂ 2 ਤੋਂ 4 ਸਾਲਾਂ ਦੀ ਲੀਜ਼ 'ਤੇ ਇੱਕ ਹੋਰ ਕਾਰ ਲੈ ਸਕਦੇ ਹੋ।

ਜਦੋਂ ਤੁਸੀਂ ਲੀਜ਼ 'ਤੇ ਕਾਰ ਲੈਂਦੇ ਹੋ ਤਾਂ ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ। ਮਿਸਾਲ ਲਈ, ਤੁਹਾਨੂੰ ਇਹ ਦੱਸਿਆ ਜਾਵੇਗਾ ਕਿ ਤੁਸੀਂ ਲੀਜ਼ ਦੀ ਸਮੁੱਚੀ ਮਿਆਦ ਦੌਰਾਨ ਕਿੰਨੇ ਕਿਲੋਮੀਟਰ ਡ੍ਰਾਇਵ ਕਰ ਸਕਦੇ ਹੋ। ਜੇ ਤੁਸੀਂ ਸਹਿਮਤ ਕੀਤੀ ਮਿਆਦ ਤੋਂ ਜ਼ਿਆਦਾ ਡ੍ਰਾਇਵ ਕਰਦੇ ਹੋ, ਤਾਂ ਤੁਹਾਨੂੰ ਮਿਆਦ ਦੀ ਸਮਾਪਤੀ 'ਤੇ ਫੀਸ ਦਾ ਭੁਗਤਾਨ ਕਰਨਾ ਪਏਗਾ। ਇਸ ਤੋਂ ਇਲਾਵਾ ਕਿਉਂਕਿ ਕਾਰ ਅਸਲ ਵਿੱਚ ਤੁਹਾਡੀ ਨਹੀਂ ਹੁੰਦੀ ਹੈ, ਇਸ ਲਈ ਤੁਸੀਂ ਵਾਹਨ ਵਿੱਚ ਤਬਦੀਲੀਆਂ ਨਹੀਂ ਕਰ ਸਕਦੇ। ਮਿਸਾਲ ਲਈ ਤੁਸੀਂ ਆਪਣੀ ਕਾਰ ਵਿੱਚ ਕੋਈ ਕਸਟਮ ਆਰਟਵਰਕ ਨਹੀਂ ਸ਼ਾਮਲ ਕਰ ਸਕਦੇ। ਇਸ ਤੋਂ ਇਲਾਵਾ, ਜੇ ਤੁਸੀਂ ਇੱਕ ਤੋਂ ਬਾਅਦ ਦੂਜੀ ਕਾਰ ਲੀਜ਼ 'ਤੇ ਲੈਂਦੇ ਹੋ ਤਾਂ ਤੁਸੀਂ ਹਮੇਸ਼ਾ ਡ੍ਰਾਇਵ ਕਰਨ ਲਈ ਵਧੀਆ ਕਾਰ ਲਵੋਗੇ, ਪਰ ਤੁਹਾਡੇ ਭੁਗਤਾਨ ਕਦੇ ਖਤਮ ਨਹੀਂ ਹੋਣਗੇ।

ਕੋਈ ਕਾਰ ਖਰੀਦਣੀ

ਕੈਨੇਡਾ ਵਿੱਚ, ਜਦੋਂ ਲੋਕ ਨਵੀਂ ਕਾਰ ਖਰੀਦਦੇ ਹਨ ਤਾਂ ਕੁਝ ਲੋਕ ਹੀ ਪੂਰਾ ਭੁਗਤਾਨ ਕਰ ਸਕਦੇ ਹਨ। ਜ਼ਿਆਦਾਤਰ ਲੋਕ ਕਰਜ਼ ਲੈਂਦੇ ਹਨ - ਜਾਂ ਤਾਂ ਕਾਰ ਡੀਲਰਸ਼ਿਪ ਜ਼ਰੀਏ ਜਾਂ ਫੇਰ ਆਪਣੇ ਬੈਂਕ ਜ਼ਰੀਏ - ਅਤੇ ਉਹ ਮਹੀਨੇਵਾਰ ਭੁਗਤਾਨਾਂ ਰਾਹੀਂ ਕਾਰ ਲਈ ਭੁਗਤਾਨ ਕਰਦੇ ਹਨ। ਤੁਸੀਂ ਆਮ ਤੌਰ 'ਤੇ ਆਪਣੀਆਂ ਲੋੜਾਂ ਮੁਤਾਬਕ ਭੁਗਤਾਨ ਦੀ ਮਿਆਦ ਲਈ ਸਹਿਮਤੀ ਬਣਾਉਂਦੇ ਹੋ। ਤੁਸੀਂ ਸ਼ਾਇਦ 1 ਜਾਂ 2 ਸਾਲਾਂ ਵਿੱਚ ਕਰਜ਼ ਚੁਕਤਾ ਕਰ ਸਕੋਗੇ ਜਾਂ ਤੁਹਾਨੂੰ ਜ਼ਿਆਦਾ ਸਮਾਂ ਲੱਗ ਸਕਦਾ ਹੈ।

ਇੱਕ ਵਾਰੀ ਜਦੋਂ ਤੁਸੀਂ ਆਪਣੇ ਕਰਜ਼ ਦਾ ਭੁਗਤਾਨ ਕਰ ਦਿੰਦੇ ਹੋ, ਤਾਂ ਤੁਹਾਨੂੰ ਬਿਨਾਂ ਮਹੀਨੇਵਾਰ ਭੁਗਤਾਨ ਦੇ ਕਾਰ ਰੱਖਣ ਦਾ ਆਨੰਦ ਮਿਲੇਗਾ। ਪਰ, ਤੁਹਾਨੂੰ ਲਾਜ਼ਮੀ ਤੌਰ 'ਤੇ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਸਮਾਂ ਬੀਤਣ ਨਾਲ ਤੁਹਾਡੀ ਕਾਰ ਲਈ ਮੁਰੰਮਤਾਂ ਤੇ ਸਰਵਿਸ ਦੀ ਲੋੜ ਹੋਵੇਗੀ। ਤੁਹਾਨੂੰ ਇਹਨਾਂ ਮੁਰੰਮਤਾਂ ਅਤੇ ਸਰਵਿਸ ਦਾ ਭੁਗਤਾਨ ਖੁਦ ਕਰਨਾ ਪਏਗਾ।

ਤੁਹਾਡੇ ਲਈ ਠੀਕ ਕੀ ਹੈ?

ਇਹ ਫੈਸਲਾ ਕਰਦੇ ਸਮੇਂ ਕਿ ਕਾਰ ਖਰੀਦਣੀ ਹੈ ਜਾਂ ਕਿਰਾਏ 'ਤੇ ਲੈਣੀ ਹੈ, ਨੰਬਰਾਂ ਦੇ ਨਾਲ ਫਾਇਦਿਆਂ ਦੀ ਤੁਲਨਾ ਕਰਨੀ ਵੀ ਮਹੱਤਵਪੂਰਨ ਹੁੰਦੀ ਹੈ। ਜਦੋਂ ਤੁਸੀਂ ਲੀਜ਼ 'ਤੇ ਲੈਂਦੇ ਹੋ ਤਾਂ ਤੁਹਾਨੂੰ ਸਮਾਂ ਬੀਤਣ ਦੇ ਨਾਲ ਜ਼ਿਆਦਾ ਭੁਗਤਾਨ ਕਰਨਾ ਪਵੇਗਾ ਪਰ ਤੁਹਾਡੇ ਮਹੀਨੇਵਾਰ ਭੁਗਤਾਨ ਆਮ ਤੌਰ 'ਤੇ ਘੱਟ ਹੋਣਗੇ। ਇਸ ਤੋਂ ਇਲਾਵਾ, ਤੁਹਾਨੂੰ ਕਾਰ ਦੀ ਭਰੋਸੇਯੋਗਤਾ ਬਾਰੇ ਚਿੰਤਾ ਨਹੀਂ ਕਰਨੀ ਪਵੇਗੀ। ਜਦੋਂ ਤੁਸੀਂ ਕਾਰ ਖਰੀਦਦੇ ਹੋ ਤਾਂ ਤੁਹਾਨੂੰ ਸਮਾਂ ਬੀਤਣ ਨਾਲ ਘੱਟ ਖਰਚ ਕਰਨਾ ਪੈ ਸਕਦਾ ਹੈ ਜਦੋਂ ਤੱਕ ਕਿ ਤੁਸੀਂ ਆਪਣੀ ਕਾਰ ਦਾ ਚੰਗੀ ਤਰ੍ਹਾਂ ਧਿਆਨ ਰੱਖਦੇ ਹੋ।