ਕਿਰਾਏਦਾਰੀ ਵਿਵਸਥਾ ਕਿਵੇਂ ਕੰਮ ਕਰਦੀ ਹੈ

ਕੈਨੇਡਾ ਵਿੱਚ ਕਿਰਾਏਦਾਰੀ ਦੇ ਕਈ ਵਿਕਲਪ ਹਨ। ਤੁਸੀਂ ਘਰ, ਕੋਈ ਅਪਾਰਟਮੈਂਟ ਜਾਂ ਸਾਂਝੇ ਘਰ ਵਿੱਚ ਇੱਕ ਕਮਰਾ ਕਿਰਾਏ 'ਤੇ ਲੈ ਸਕਦੇ ਹੋ। ਜਦੋਂ ਤੁਸੀਂ ਕਿਰਾਇਆ ਦਿੰਦੇ ਹੋ ਤਾਂ ਤੁਸੀਂ ਕਿਰਾਏਦਾਰ ਵੱਜੋਂ ਜਾਣੇ ਜਾਂਦੇ ਹੋ ਅਤੇ ਜਿਹੜਾ ਵਿਅਕਤੀ ਇਮਾਰਤ ਜਾਂ ਅਪਾਰਟਮੈਂਟ ਦਾ ਮਾਲਕ ਹੁੰਦਾ ਹੈ ਉਸ ਨੂੰ ਮਕਾਨ-ਮਾਲਕ ਕਿਹਾ ਜਾਂਦਾ ਹੈ। ਜੇ ਤੁਸੀਂ ਬਹੁਤ ਸਾਰੀਆਂ ਯੂਨਿਟਾਂ ਵਾਲੀ ਕਿਸੇ ਵੱਡੀ ਇਮਾਰਤ ਵਿੱਚ ਰਹਿੰਦੇ ਹੋ, ਤਾਂ ਉਸ ਇਮਾਰਤ ਵਿੱਚ ਇਮਾਰਤ ਦਾ ਧਿਆਨ ਰੱਖਣ ਅਤੇ ਕਿਰਾਏਦਾਰਾਂ ਨਾਲ ਸਿੱਧੇ ਰੂਪ ਵਿੱਚ ਨਜਿੱਠਣ ਲਈ ਇੱਕ ਪ੍ਰਾਪਰਟੀ ਮੈਨੇਜਰ ਜਾਂ ਸੁਪਰਿਨਟੈਂਡੈਂਟ ਹੋ ਸਕਦਾ ਹੈ।

ਕਿਰਾਏਦਾਰ ਵੱਜੋਂ ਇਹ ਜ਼ਰੂਰੀ ਹੈ ਕਿ ਤੁਸੀਂ:

 • ਆਪਣੇ ਕਿਰਾਏ ਦਾ ਸਮੇਂ ਸਿਰ ਭੁਗਤਾਨ ਕਰੋ
 • ਆਪਣੀ ਘਰ ਨੂੰ ਚੰਗੀ ਹਾਲਤ ਵਿੱਚ ਰੱਖੋ
 • ਜੇ ਕਿਸੇ ਚੀਜ਼ ਨੂੰ ਠੀਕ ਕਰਨ ਦੀ ਲੋੜ ਹੁੰਦੀ ਹੈ ਤਾਂ ਆਪਣੇ ਮਕਾਨ-ਮਾਲਕ ਨਾਲ ਸੰਪਰਕ ਕਰੋ
 • ਜੇ ਮੁਰੰਮਤਾਂ ਦੀ ਲੋੜ ਹੈ ਤਾਂ ਆਪਣੇ ਮਕਾਨ-ਮਾਲਕ ਨੂੰ ਆਪਣੇ ਘਰ ਵਿੱਚ ਆਉਣ ਦਿਓ

ਮਕਾਨ-ਮਾਲਕ ਦੀਆਂ ਵੀ ਜ਼ਿੰਮੇਵਾਰੀਆਂ ਹੁੰਦੀਆਂ ਹਨ। ਉਹਨਾਂ ਨੂੰ ਲਾਜ਼ਮੀ ਤੌਰ 'ਤੇ:

 • ਤੁਹਾਡੇ ਤੋਂ ਉਸ ਸਮੇਂ ਕਿਰਾਇਆ ਲੈਣਾ ਚਾਹੀਦਾ ਹੈ ਜਦੋਂ ਇਹ ਦੇਣਯੋਗ ਹੁੰਦਾ ਹੈ
 • ਤੁਹਾਡੀ ਇਮਾਰਤ ਨੂੰ ਸੁਰੱਖਿਅਤ ਅਤੇ ਵਧੀਆ ਸਥਿਤੀ ਵਿੱਚ ਰੱਖਣਾ ਚਾਹੀਦਾ ਹੈ
 • ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਹਾਡੇ ਕਿਰਾਏ ਵਿੱਚ ਸ਼ਾਮਲ ਸਭ ਕੁਝ, ਜਿਵੇਂ ਕਿ ਹੀਟਿੰਗ ਅਤੇ ਇਲੈਕਟ੍ਰਿਸਿਟੀ, ਚੰਗੀ ਕੰਮਕਾਜੀ ਸਥਿਤੀ ਵਿੱਚ ਹੋਵੇ


ਮਕਾਨ-ਮਾਲਕਾਂ ਨੂੰ ਤੁਹਾਡੇ ਤੋਂ ਕਿਹੜੀ ਗੱਲ ਦੀ ਲੋੜ ਹੋਵੇਗੀ

ਮਕਾਨ-ਮਾਲਕ ਆਪਣੇ ਕਿਰਾਏਦਾਰਾਂ ਤੋਂ ਇਹ ਜਾਨਣਾ ਚਾਹੁੰਦੇ ਹਨ ਕਿ ਉਹਨਾਂ ਦੇ ਕਿਰਾਏਦਾਰ ਸਮੇਂ ਸਿਰ ਕਿਰਾਇਆ ਦੇਣਗੇ ਅਤੇ ਉਹਨਾਂ ਦੀ ਪ੍ਰਾਪਰਟੀ ਦਾ ਧਿਆਨ ਨਾਲ ਖਿਆਲ ਰੱਖਣਗੇ। ਇਸ ਕਾਰਨ ਕਰਕੇ, ਉਹਨਾਂ ਨੂੰ ਤੁਹਾਡੇ ਤੋਂ ਹਵਾਲਿਆਂ ਬਾਰੇ ਪੁੱਛਣ ਦੀ ਇਜਾਜ਼ਤ ਹੁੰਦੀ ਹੈ। ਮਿਸਾਲ ਲਈ, ਉਹ ਪਿਛਲੇ ਮਕਾਨ-ਮਾਲਕ ਜਾਂ ਤੁਹਾਡੇ ਮਾਲਕ (ਰੁਜ਼ਗਾਰਦਾਤਾ) ਤੋਂ ਚਿੱਠੀ ਲੈਣ ਦੇ ਇੱਛੁਕ ਹੋ ਸਕਦੇ ਹਨ। ਉਹ:

 • ਇਹ ਵੀ ਪੁੱਛ ਸਕਦੇ ਹਨ ਕਿ ਤੁਸੀਂ ਕਿੱਥੇ ਕੰਮ ਕਰਦੇ ਹੋ
 • ਇਹ ਵੀ ਪੁੱਛ ਸਕਦੇ ਹਨ ਕਿ ਤੁਸੀਂ ਆਪਣੀ ਨੌਕਰੀ ਤੋਂ ਕਿੰਨਾ ਪੈਸਾ ਕਮਾਉਂਦੇ ਹੋ
 • ਆਪਣੀ ਕ੍ਰੈਡਿਟ ਹਿਸਟਰੀ ਦੀ ਜਾਂਚ ਕਰੋ

ਨਵੇਂ ਆਏ ਵਿਅਕਤੀ ਵੱਜੋਂ, ਇਹ ਜਾਣਕਾਰੀ ਮੁਹੱਈਆ ਕਰਵਾਉਣੀ ਮੁਸ਼ਕਿਲ ਹੋ ਸਕਦੀ ਹੈ। ਜੇ ਅਜਿਹੀ ਗੱਲ ਹੈ, ਤਾਂ ਤੁਸੀਂ ਆਪਣੇ ਨਜ਼ਦੀਕੀ ਇਮੀਗ੍ਰੈਂਟ ਸਰਵਿਸਿਜ਼ ਦਫ਼ਤਰ ਤੋਂ ਮੁਫ਼ਤ ਮਦਦ ਲੈ ਸਕਦੇ ਹੋ।

ਤੁਹਾਡੇ ਖਰਚਿਆਂ ਨੂੰ ਕਵਰ ਕਰਨਾ

ਇਸ ਤੋਂ ਪਹਿਲਾਂ ਕਿ ਤੁਸੀਂ ਕਿਰਾਏ ਲਈ ਜਗ੍ਹਾ ਦੀ ਤਲਾਸ਼ ਕਰੋ, ਤੁਹਾਨੂੰ ਇਹ ਫੈਸਲਾ ਕਰਨ ਦੀ ਲੋੜ ਪਏਗੀ ਕਿ ਤੁਸੀਂ ਹਰੇਕ ਮਹੀਨੇ ਦੇਣ ਲਈ ਕਿੰਨਾ ਖਰਚਾ ਸਹਿਣ ਕਰ ਸਕਦੇ ਹੋ। ਇਹ ਗੱਲ ਆਪਣੇ ਧਿਆਨ ਵਿੱਚ ਰੱਖੋ ਕਿ ਤੁਸੀਂ ਆਪਣੇ ਮਕਾਨ-ਮਾਲਕ ਨੂੰ ਜੋ ਕਿਰਾਇਆ ਦਿੰਦੇ ਹੋ ਸਿਰਫ ਉਸਦੇ ਖਰਚ ਬਾਰੇ ਹੀ ਵਿਚਾਰ ਨਹੀਂ ਕਰਨਾ ਹੁੰਦਾ। ਤੁਹਾਨੂੰ ਹੀਟ (ਤਾਪ), ਬਿਜਲੀ, ਪਾਣੀ, ਕੇਬਲ ਟੈਲੀਵੀਜ਼ਨ, ਇੰਟਰਨੈਟ, ਲਾਉਂਡਰੀ, ਅਤੇ ਪਾਰਕਿੰਗ ਲਈ ਵੀ ਭੁਗਤਾਨ ਕਰਨਾ ਪੈ ਸਕਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਇਹਨਾਂ ਨੂੰ ਤੁਹਾਡੇ ਕਿਰਾਏ ਵਿੱਚ ਸ਼ਾਮਲ ਨਾ ਕੀਤਾ ਜਾਵੇ। ਇਸ ਗੱਲ 'ਤੇ ਨਿਰਭਰ ਕਰਦੇ ਹੋਏ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਨੂੰ ਕੰਮ 'ਤੇ ਜਾਣ ਆਉਣ ਲਈ ਟ੍ਰਾਂਸਪੋਰਟੇਸ਼ਨ ਲਈ ਵੀ ਭੁਗਤਾਨ ਕਰਨਾ ਪੈ ਸਕਦਾ ਹੈ, ਇਸ ਲਈ ਇਹ ਯਕੀਨੀ ਬਣਾਓ ਕਿ ਤੁਸੀਂ ਇਸ ਲਈ ਬਜਟ ਬਣਾ ਲਿਆ ਹੈ।

ਕਿਰਾਏ 'ਤੇ ਘਰ ਲੱਭਣਾ

ਬਹੁਤੇ ਕੈਨੇਡੀਅਨ ਆਪਣੇ ਘਰਾਂ ਨੂੰ ਕਿਰਾਏ 'ਤੇ ਦਿੰਦੇ ਹਨ, ਇਸ ਲਈ ਕਿਰਾਏ ਵਾਲੀਆਂ ਪ੍ਰਾਪਰਟੀਆਂ ਨੂੰ ਬਹੁਤ ਛੇਤੀ ਲਿਆ ਜਾ ਸਕਦਾ ਹੈ। ਜਦੋਂ ਤੁਸੀਂ ਆਪਣੀ ਦਿਲਚਸਪੀ ਵਾਲੀ ਜਗ੍ਹਾ ਲੱਭ ਲੈਂਦੇ ਹੋ, ਤਾਂ ਛੇਤੀ ਤੋਂ ਛੇਤੀ ਮੁਲਾਕਾਤ ਦੇ ਇੰਤਜ਼ਾਮ ਕਰਨ ਲਈ ਤੁਹਾਨੂੰ ਮਕਾਨ-ਮਾਲਕ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇੱਥੇ ਕਿਰਾਏ ਦੀ ਪ੍ਰਾਪਰਟੀ ਨੂੰ ਲੱਭਣ ਲਈ ਕੁਝ ਵਧੀਆ ਤਰੀਕੇ ਦਿੱਤੇ ਹਨ:

 • ਸਥਾਨਕ ਅਖ਼ਬਾਰਾਂ ਦੇਖੋ
 • ਆਪਣੇ ਕਰਿਆਨੇ ਵਾਲੇ ਸਟੋਰ 'ਤੇ ਕਿਰਾਏ ਸੰਬੰਧੀ ਮੁਫ਼ਤ ਰਸਾਲੇ ਦੇਖੋ
 • ਲਾਇਬ੍ਰੇਰੀਆਂ, ਭਾਈਚਾਰਕ ਕੇਂਦਰਾਂ ਅਤੇ ਕਰਿਆਨੇ ਵਾਲੇ ਸਟੋਰਾਂ 'ਤੇ ਨੋਟਿਸ ਬੋਰਡ ਦੇਖੋ
 • ਜਿਹੜੇ ਆਂਢ-ਗੁਆਂਢਾਂ ਵਿੱਚ ਤੁਹਾਡੀ ਦਿਲਚਸਪੀ ਹੁੰਦੀ ਹੈ ਉਸ ਨੂੰ ਪੈਦਲ ਘੁੰਮ ਕੇ ਜਾਂ ਗੱਡੀ ਵਿੱਚ ਦੇਖੋ ਅਤੇ ਉਹਨਾਂ ਸਾਈਨ ਬੋਰਡਾਂ ਦੀ ਤਲਾਸ਼ ਕਰੋ ਜਿਹਨਾਂ ਉੱਪਰ “ਕਿਰਾਏ ਲਈ” ਜਾਂ “ਲੀਜ਼ ਲਈ” ਲਿਖਿਆ ਹੁੰਦਾ ਹੈ
 • ਇੰਟਰਨੈਟ ਉੱਪਰ ਕਿਰਾਏ ਦੀ ਪ੍ਰਾਪਰਟੀ ਦੀ ਭਾਲ ਕਰੋ
 • ਲੋਕਾਂ ਤੋਂ ਪੁੱਛੋ ਕਿ ਕੀ ਉਹ ਕਿਸੇ ਕਿਰਾਏ ਵਾਲੀ ਰਿਹਾਇਸ਼ ਬਾਰੇ ਜਾਣਦੇ ਹਨ। ਆਪਣੇ ਸਥਾਨਕ ਇਮੀਗ੍ਰੈਂਟ ਸਰਵਿਸਿਜ਼ ਦਫ਼ਤਰ ਤੋਂ ਮੁਫ਼ਤ ਸਹਾਇਤਾ ਪ੍ਰਾਪਤ ਕਰੋ
ਇੱਕ ਵਿਅਕਤੀ ਦਾ ਚਿੱਤਰ ਜੋ ਦੂਰਬੀਨ ਰਾਹੀਂ ਇੱਕ ਘਰ ਨੂੰ ਦੇਖ ਰਿਹਾ ਹੈ।

ਆਪਣੀ ਕਿਰਾਏ ਵਾਲੀ ਰਿਹਾਇਸ਼ ਵਿੱਚ ਰਹਿਣ ਲਈ ਜਾਣਾ

ਇੱਕ ਵਾਰ ਜਦੋਂ ਤੁਸੀਂ ਕਿਰਾਏ ਵਾਲੀ ਜਗ੍ਹਾ ਲੱਭ ਲੈਂਦੇ ਹੋ, ਤਾਂ ਤੁਹਾਡਾ ਮਾਲਕ-ਮਕਾਨ ਸ਼ਾਇਦ ਤੁਹਾਨੂੰ ਲੀਜ਼ ਉੱਤੇ ਦਸਤਖਤ ਕਰਨ ਲਈ ਕਹੇਗਾ। ਲੀਜ਼ ਇੱਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ। ਇਸ ਵਿੱਚ ਉਹ ਸਾਰੀਆਂ ਗੱਲਾਂ ਸ਼ਾਮਲ ਹੁੰਦੀਆਂ ਹਨ ਜਿਹਨਾਂ ਬਾਰੇ ਤੁਸੀਂ ਅਤੇ ਤੁਹਾਡਾ ਮਕਾਨ-ਮਾਲਕ ਸਹਿਮਤ ਹੋਏ ਹੁੰਦੇ ਹੋ। ਇਹ ਮਹੱਤਵਪੂਰਨ ਹੈ ਕਿ ਤੁਸੀਂ ਇਸ ਦਸਤਾਵੇਜ਼ ਦੇ ਹਰੇਕ ਸ਼ਬਦ ਨੂੰ ਸਮਝੋ। ਜੇ ਇਹ ਤੁਹਾਡੀ ਸਮਝ ਵਿੱਚ ਨਹੀਂ ਆਉਂਦਾ, ਤਾਂ ਤੁਹਾਨੂੰ ਕਿਸੇ ਵਿਅਕਤੀ ਨੂੰ ਇਸ ਨੂੰ ਤੁਹਾਨੂੰ ਸਮਝਾਉਣ ਲਈ ਕਹਿਣਾ ਚਾਹੀਦਾ ਹੈ।

ਜਦੋਂ ਤੁਸੀਂ ਰਹਿਣ ਲਈ ਜਾਂਦੇ ਹੋ ਤਾਂ ਇੱਥੇ ਆਪਣੇ ਮਕਾਨ ਮਾਲਕ ਨੂੰ ਪੁੱਛਣ ਲਈ ਕੁਝ ਸਵਾਲ ਦਿੱਤੇ ਹਨ:

 • ਤੁਸੀਂ ਆਪਣੀ ਡਾਕ ਕਿਵੇਂ ਪ੍ਰਾਪਤ ਕਰੋਗੇ?
 • ਜੇ ਤੁਹਾਡੀ ਇਮਾਰਤ ਵਿੱਚ ਇੱਕ ਦਾਖਲਾ ਵਿਵਸਥਾ ਹੈ ਜਿਸ ਨਾਲ ਤੁਸੀਂ ਆਪਣੇ ਮੁਲਾਕਾਤੀਆਂ ਨੂੰ ਆਪਣੀ ਇਮਾਰਤ ਅੰਦਰ ਆਉਣ ਦੇ ਇਜਾਜ਼ਤ ਦਿੰਦੇ ਹੋ, ਤਾਂ ਇਹ ਕਿਵੇਂ ਕੰਮ ਕਰਦੀ ਹੈ?
 • ਤੁਸੀਂ ਆਪਣੇ ਕੂੜੇ-ਕਰਕਟ ਅਤੇ ਰੀਸਾਇਕਲਿੰਗ ਵਾਲੇ ਸਮਾਨ ਨੂੰ ਕਿੱਥੇ ਰੱਖੋਗੇ?
 • ਲਾਂਡਰੀ ਕਿੱਥੇ ਹੈ?
 • ਤੁਸੀਂ ਆਪਣੀ ਕਾਰ ਨੂੰ ਕਿੱਥੇ ਪਾਰਕ ਕਰ ਸਕਦੇ ਹੋ, ਅਤੇ ਕੀ ਮੁਲਾਕਾਤੀਆਂ ਲਈ ਕੋਈ ਪਾਰਕਿੰਗ ਹੈ?
 • ਤੁਹਾਡੇ ਓਵਨ ਅਤੇ ਮਾਇਕ੍ਰੋਵੇਵ ਵਰਗੇ ਉਪਕਰਨ ਕਿਵੇਂ ਕੰਮ ਕਰਦੇ ਹਨ?

ਕੈਨੇਡਾ ਮੌਰਗਿਜ ਐਂਡ ਹਾਉਸਿੰਗ ਕਾਰਪੋਰੇਸ਼ਨ (CMHC) ਕੋਲ ਕੈਨੇਡਾ ਵਿੱਚ ਘਰ ਕਿਰਾਏ 'ਤੇ ਦੇਣ ਬਾਰੇ ਬਹੁਤ ਜ਼ਿਆਦਾ ਕੀਮਤੀ ਜਾਣਕਾਰੀ ਹੁੰਦੀ ਹੈ। ਜ਼ਿਆਦਾ ਜਾਣਕਾਰੀ ਲੈਣ ਲਈ, ਇਸ ਔਨਲਾਈਨ ਗਾਈਡ ਦੇਖੋ।