ਕੀ ਅੰਤਰ ਹੈ?

ਬੱਚਤ ਅਤੇ ਨਿਵੇਸ਼ ਦੋਵੇਂ ਹੀ ਤੁਹਾਡੇ ਵਿੱਤੀ ਟੀਚੇ ਪੂਰੇ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਥੋੜ੍ਹੇ ਸਮੇਂ ਵਿੱਚ ਛੋਟੇ ਟੀਚਿਆਂ ਨੂੰ ਪੂਰਾ ਕਰਨ ਲਈ ਬੱਚਤ ਸਭ ਤੋਂ ਵੱਧ ਢੁਕਵੀਂ ਹੁੰਦੀ ਹੈ। ਬੱਚਤ ਐਮਰਜੈਂਸੀ ਵਿੱਚ ਤਿਆਰ ਰਹਿਣ ਲਈ ਵੀ ਤੁਹਾਡੀ ਮਦਦ ਕਰ ਸਕਦੀ ਹੈ, ਜਿਵੇਂ ਕਿ ਨੌਕਰੀ ਦੇ ਖੁਸਣ ਸਮੇਂ। ਜ਼ਿਆਦਾ ਵੱਡੇ, ਲੰਬੇ ਸਮੇਂ ਦੇ ਟੀਚਿਆਂ ਲਈ ਨਿਵੇਸ਼ ਜ਼ਿਆਦਾ ਢੁਕਵਾਂ ਹੈ।

ਬੱਚਤ ਕਰਨੀ

ਜਦੋਂ ਤੁਸੀਂ ਬੱਚਤ ਕਰਦੇ ਹੋ ਤਾਂ ਤੁਸੀਂ ਨਕਦੀ ਨੂੰ ਕਿਸੇ ਸੁਰੱਖਿਅਤ ਜਗ੍ਹਾ 'ਤੇ ਰੱਖਦੇ ਹੋ ਜਿੱਥੇ ਤੁਸੀਂ ਅਸਾਨੀ ਨਾਲ ਪਹੁੰਚ ਕਰ ਸਕਦੇ ਹੋ। ਮਿਸਾਲ ਲਈ ਤੁਸੀਂ ਇਸ ਨੂੰ ਆਪਣੇ ਬੈਂਕ ਦੇ ਸੇਵਿੰਗ ਜਾਂ ਚੈਕਿੰਗ ਅਕਾਉਂਟ ਵਿੱਚ ਪਾ ਸਕਦੇ ਹੋ। ਕੈਨੇਡੀਅਨ ਬੈਂਕ ਰਾਹੀਂ ਬੱਚਤ ਕਰਨੀ ਬਹੁਤ ਸੁਰੱਖਿਅਤ ਹੈ ਕਿਉਂਕਿ ਕੈਨੇਡਾ ਡਿਪੌਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ (CDIC) ਤੁਹਾਡੇ ਪੈਸੇ ਦੇ $100,000 ਤੱਕ ਲਈ ਆਪਣੇ ਆਪ ਬੀਮਾ ਕਰ ਦਿੰਦੀ ਹੈ।

ਇਸ ਗੱਲ 'ਤੇ ਨਿਰਭਰ ਕਰਦੇ ਹੋਏ ਕਿ ਤੁਸੀਂ ਕਿਸ ਤਰ੍ਹਾਂ ਦੇ ਬੈਂਕ ਖਾਤੇ ਵਿੱਚ ਆਪਣਾ ਪੈਸਾ ਪਾਉਂਦੇ ਹੋ, ਤੁਸੀਂ ਇਸ ਉੱਤੇ ਕੁਝ ਵਿਆਜ ਕਮਾ ਸਕਦੇ ਹੋ। ਪੈਸੇ ਦੀ ਬੱਚਤ ਕਰਨ ਦਾ ਉਦੇਸ਼ ਵਿਆਜ ਕਮਾਉਣਾ ਨਹੀਂ ਹੁੰਦਾ। ਪੈਸੇ ਦੀ ਬੱਚਤ ਕਰਨਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਤੁਸੀਂ ਕਦੇ ਵੀ ਲੋੜ ਪੈਣ 'ਤੇ ਨਕਦੀ ਤੱਕ ਅਸਾਨੀ ਨਾਲ ਪਹੁੰਚ ਸਕਦੇ ਹੋ।

ਤੁਹਾਨੂੰ ਕਿੰਨੀ ਬੱਚਤ ਕਰਨੀ ਚਾਹੀਦੀ ਹੈ? ਇੱਕ ਆਮ ਨਿਯਮ ਅਨੁਸਾਰ, ਤੁਹਾਨੂੰ ਘੱਟੋ-ਘੱਟ ਆਪਣੇ 6 ਮਹੀਨਿਆਂ ਦੇ ਨਿਰਬਾਹ ਖਰਚਿਆਂ ਨੂੰ ਸ਼ਾਮਲ ਕਰਨ ਜਿੰਨੀ ਬੱਚਤ ਕਰਨੀ ਚਾਹੀਦੀ ਹੈ। ਇਸ ਤਰੀਕੇ ਨਾਲ, ਜੇ ਤੁਹਾਡੀ ਨੌਕਰੀ ਚਲੀ ਵੀ ਜਾਂਦੀ ਹੈ, ਤਾਂ ਵੀ ਤੁਸੀਂ ਆਪਣੇ ਬਿੱਲਾਂ ਦਾ ਭੁਗਤਾਨ ਕਰ ਸਕਦੇ ਹੋ, ਆਪਣੇ ਅਤੇ ਆਪਣੇ ਪਰਿਵਾਰ ਦਾ ਪੇਟ ਭਰ ਸਕਦੇ ਹੋ, ਅਤੇ ਆਪਣੀ ਲੋੜ ਵਾਲੀਆਂ ਚੀਜ਼ਾਂ ਖਰੀਦ ਸਕਦੇ ਹੋ। ਤੁਹਾਨੂੰ ਐਨੇ ਕੁ ਪੈਸੇ ਦੀ ਵੀ ਬੱਚਤ ਕਰਨੀ ਚਾਹੀਦੀ ਹੈ ਜਿਸ ਨਾਲ ਤੁਸੀਂ ਆਪਣੇ ਥੋੜ੍ਹੇ ਸਮੇਂ ਦੇ ਟੀਚਿਆਂ ਨੂੰ ਪੂਰਾ ਕਰ ਸਕੋ, ਜਿਵੇਂ ਕਿ ਨਵੇਂ ਘਰ ਦੀ ਡਾਊਨਪੇਮੈਂਟ ਜਿੰਨੀ ਬੱਚਤ।

ਨਿਵੇਸ਼ ਕਰਨਾ

ਨਿਵੇਸ਼ ਕਰਨਾ ਬੱਚਤ ਕਰਨ ਤੋਂ ਬਹੁਤ ਵੱਖਰਾ ਹੈ। ਤੁਸੀਂ ਆਪਣੇ ਪੈਸੇ ਨੂੰ ਬਸ ਕਿਧਰੇ ਵਿੱਚ ਸੁਰੱਖਿਅਤ ਨਹੀਂ ਰੱਖ ਸਕਦੇ। ਤੁਹਾਨੂੰ ਸੰਪਤੀਆਂ- ਮਿਸਾਲ ਲਈ ਸਟੌਕ, ਬੌਂਡ ਜਾਂ ਰੀਅਲ ਅਸਟੇਟ (ਅਚੱਲ ਜ਼ਮੀਨੀ ਸੰਪਤੀ) - ਖਰੀਦਣ ਲਈ ਆਪਣੇ ਪੈਸੇ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਬਾਰੇ ਤੁਹਾਨੂੰ ਉਮੀਦ ਹੁੰਦੀ ਹੈ ਕਿ ਸਮਾਂ ਬੀਤਣ ਨਾਲ ਤੁਹਾਨੂੰ ਉਸ ਤੋਂ ਚੰਗੀ ਕਮਾਈ ਹੋਵੇਗੀ। ਜ਼ਿਆਦਾਤਰ ਨਿਵੇਸ਼ਾਂ ਵਿੱਚ, ਤੁਸੀਂ ਆਪਣੇ ਪੈਸੇ ਐਮਰਜੈਂਸੀ ਵਿੱਚ ਛੇਤੀ ਨਾਲ ਜਾਂ ਤੁਰੰਤ ਨਹੀਂ ਲੈ ਸਕਦੇ। ਇਹੀ ਕਾਰਨ ਹੈ ਕਿ ਬੱਚਤਾਂ ਕਰਨੀਆਂ ਐਨੀਆਂ ਅਹਿਮ ਹਨ।

ਨਿਵੇਸ਼ ਵਿੱਚ ਆਮ ਤੌਰ 'ਤੇ ਕੁਝ ਪੱਧਰ ਦਾ ਜੋਖਮ ਹੁੰਦਾ ਹੈ। ਕੁਝ ਨਿਵੇਸ਼ ਘੱਟ ਜੋਖਮ ਵਾਲੇ, ਕੁਝ ਦਰਮਿਆਨੇ ਜੋਖਮ ਵਾਲੇ, ਅਤੇ ਕੁਝ ਵੱਧ ਜੋਖਮ ਵਾਲੇ ਹੁੰਦੇ ਹਨ। ਆਮ ਤੌਰ 'ਤੇ, ਵੱਧ-ਜੋਖਮ ਵਾਲੇ ਨਿਵੇਸ਼ ਘੱਟ-ਜੋਖਮ ਵਾਲੇ ਨਿਵੇਸ਼ ਦੇ ਮੁਕਾਬਲੇ ਜ਼ਿਆਦਾ ਆਮਦਨ ਦੀ ਸੰਭਾਵਨਾ ਪੇਸ਼ ਕਰਦੇ ਹਨ। ਪਰ ਤੁਹਾਨੂੰ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ। ਸਾਰੇ ਨਿਵੇਸ਼ ਨਿਯਮਿਤ ਬੱਚਤ ਖਾਤਿਆਂ ਤੋਂ ਜ਼ਿਆਦਾ ਆਮਦਨ ਦੀ ਸੰਭਾਵਨਾ ਪੇਸ਼ ਕਰਦੇ ਹਨ।

ਇੱਕ ਵਾਰੀ ਜਦੋਂ ਤੁਸੀਂ ਇਹ ਫੈਸਲਾ ਕਰ ਲੈਂਦੇ ਹੋ ਕਿ ਤੁਸੀਂ ਨਿਵੇਸ਼ ਕਰਨ ਲਈ ਤਿਆਰ ਹੋ, ਤਾਂ ਤੁਹਾਨੂੰ ਕੁਝ ਨਿਵੇਸ਼ ਟੀਚੇ ਕਾਇਮ ਕਰਨ ਦੀ ਲੋੜ ਹੋਵੇਗੀ। ਮਿਸਾਲ ਲਈ, ਤੁਸੀਂ ਇਸ ਬਾਰੇ ਵਿਚਾਰ ਕਰਨ ਦੇ ਇੱਛੁਕ ਹੋ ਸਕਦੇ ਹੋ ਕਿ ਤੁਸੀਂ ਕਿਹੜੇ ਵਿੱਤੀ ਟੀਚੇ ਹਾਸਲ ਕਰਨਾ ਚਾਹੁੰਦੇ ਹੋ, ਅਤੇ ਤੁਸੀਂ ਇਹਨਾਂ ਨੂੰ ਕਦੋਂ ਹਾਸਲ ਕਰਨਾ ਚਾਹੁੰਦੇ ਹੋ। ਤੁਹਾਨੂੰ ਇਹ ਸੋਚਣ ਦੀ ਵੀ ਲੋੜ ਹੋਵੇਗੀ ਕਿ ਤੁਸੀਂ ਕਿੰਨਾ ਜੋਖਮ ਉਠਾਉਣਾ ਚਾਹੋਗੇ। ਇੱਕ ਵਾਰੀ ਜਦੋਂ ਤੁਸੀਂ ਇਹ ਕਰ ਲੈਂਦੇ ਹੋ, ਤਾਂ ਨਿਵੇਸ਼ ਦੀਆਂ ਉਹਨਾਂ ਕਿਸਮਾਂ ਬਾਰੇ ਸੋਚਣਾ ਸ਼ੁਰੂ ਕਰ ਸਕਦੇ ਹੋ ਜਿਹਨਾਂ ਵਿੱਚ ਤੁਹਾਡੀ ਦਿਲਚਸਪੀ ਹੁੰਦੀ ਹੈ।

ਆਮ ਤੌਰ 'ਤੇ ਆਪਣੇ ਨਿਵੇਸ਼ ਵੱਖ-ਵੱਖ ਤਰ੍ਹਾਂ ਨਾਲ ਕਰਨਾ ਚੰਗਾ ਹੁੰਦਾ ਹੈ। ਇਸ ਦਾ ਅਰਥ ਹੈ ਕਿ ਇੱਕ ਵਾਰੀ ਵਿੱਚ ਅਨੇਕਾਂ ਵੱਖ-ਵੱਖ ਉਦਯੋਗਾਂ ਅਤੇ ਭੁਗੋਲਿਕ ਖੇਤਰਾਂ ਵਿੱਚ ਨਿਵੇਸ਼ ਕਰਨਾ। ਜਦੋਂ ਤੁਸੀਂ ਆਪਣੇ ਨਿਵੇਸ਼ਾਂ ਵਿੱਚ ਵਿਭਿੰਨਤਾ ਲਿਆਉਂਦੇ ਹੋ, ਤਾਂ ਜੇ ਫੰਡਾਂ ਦਾ ਮੁੱਲ ਇਸ ਦੇ ਸੈਕਟਰ ਜਾਂ ਖੇਤਰ ਵਿੱਚ ਆਰਥਿਕ ਮੁੱਦਿਆਂ ਕਰਕੇ ਘੱਟ ਜਾਂਦਾ ਹੈ, ਤਾਂ ਤੁਹਾਨੂੰ ਆਪਣੇ ਨਿਵੇਸ਼ ਦੇ ਇੱਕ ਹਿੱਸੇ ਦਾ ਨੁਕਸਾਨ ਹੋਵੇਗਾ, ਸਾਰੇ ਦਾ ਨਹੀਂ। ਵਿਭਿੰਨਤਾ ਨਾਲ ਨਿਵੇਸ਼ ਦਾ ਜੋਖਮ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ।