ਸਕੂਲੀ ਵਿਵਸਥਾ ਨੂੰ ਸਮਝਣਾ

ਕੈਨੇਡਾ ਵਿੱਚ ਰਹਿੰਦੇ ਸਾਰੇ ਬੱਚਿਆਂ ਨੂੰ ਮੁਫ਼ਤ ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਸਿੱਖਿਆ ਪ੍ਰਾਪਤ ਕਰਨ ਦਾ ਹੱਕ ਹੈ। ਬੱਚੇ ਆਮ ਤੌਰ 'ਤੇ ਐਲੀਮੈਂਟਰੀ ਸਕੂਲ ਦੀ ਸ਼ੁਰੂਆਤ ਉਸ ਸਮੇਂ ਕਰਦੇ ਹਨ ਜਦੋਂ ਉਹ 4 ਜਾਂ 5 ਸਾਲ ਦੇ ਹੁੰਦੇ ਹਨ। ਉਹ ਕਿੰਡਰਗਾਰਟਨ ਵਿੱਚ ਸ਼ੁਰੂਆਤ ਕਰਦੇ ਹਨ। ਉਹ ਫੇਰ ਗ੍ਰੇਡ 1 ਵਿੱਚ ਜਾਂਦੇ ਹਨ, ਅਤੇ ਗ੍ਰੇਡ 8 ਵਿੱਚ ਐਲੀਮੈਂਟਰੀ ਸਕੂਲ ਪੂਰਾ ਕਰਦੇ ਹਨ। ਫੇਰ ਉਹ ਸੈਕੰਡਰੀ ਸਕੂਲ ਜਾਂਦੇ ਹਨ, ਜਿਸ ਨੂੰ ਹਾਈ ਸਕੂਲ ਵੀ ਕਿਹਾ ਜਾਂਦਾ ਹੈ। ਕੈਨੇਡਾ ਦੇ ਜ਼ਿਆਦਾਤਰ ਖੇਤਰਾਂ ਵਿੱਚ, ਹਾਈ ਸਕੂਲ ਵਿੱਚ 9 ਤੋਂ 12 ਗ੍ਰੇਡ ਸ਼ਾਮਲ ਹੁੰਦੇ ਹਨ। ਹਾਈ ਸਕੂਲ ਤੋਂ ਬਾਅਦ, ਬੱਚੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੋਸਟ-ਸੈਕੰਡਰੀ ਸਿੱਖਿਆ ਜਾਰੀ ਰੱਖ ਸਕਦੇ ਹਨ। ਕੈਨੇਡਾ ਵਿੱਚ ਪੋਸਟ-ਸੈਕੰਡਰੀ ਸਿੱਖਿਆ ਮੁਫ਼ਤ ਨਹੀਂ ਹੈ।

ਐਲੀਮੈਂਟਰੀ ਅਤੇ ਸੈਕੰਡਰੀ ਪੱਧਰਾਂ ਉੱਤੇ, ਜਨਤਕ ਸਕੂਲ ਅਤੇ ਨਿੱਜੀ ਸਕੂਲ ਹਨ। ਪਬਲਿਕ ਸਕੂਲ ਨੂੰ ਸਰਕਾਰ ਤੋਂ ਫੰਡ ਮਿਲਦਾ ਹੈ। ਉਹਨਾਂ ਵਿੱਚ ਕੈਥੋਲਿਕ ਸਕੂਲ, ਕ੍ਰਿਸਚਨ ਸਕੂਲ, ਅਤੇ ਗੈਰ-ਧਾਰਮਿਕ ਸਕੂਲ ਸ਼ਾਮਲ ਹਨ। ਜੇ ਤੁਸੀਂ ਆਪਣੇ ਬੱਚੇ ਨੂੰ ਜਨਤਕ ਸਕੂਲ ਭੇਜਦੇ ਹੋ ਤਾਂ ਤੁਹਾਨੂੰ ਉਹਨਾਂ ਦੀ ਸਿੱਖਿਆ ਲਈ ਭੁਗਤਾਨ ਨਹੀਂ ਕਰਨਾ ਪਏਗਾ। ਜੇ ਤੁਸੀਂ ਆਪਣੇ ਬੱਚੇ ਨੂੰ ਨਿੱਜੀ ਸਕੂਲ ਭੇਜਦੇ ਹੋ, ਤਾਂ ਤੁਹਾਨੂੰ ਟਿਊਸ਼ਨ ਲਈ ਭੁਗਤਾਨ ਕਰਨਾ ਪਏਗਾ।

ਸ਼ੈਲਫ ਉੱਤੇ ਕਿਤਾਬਾਂ ਦੀ ਇੱਕ ਕਤਾਰ।

ਸਕੂਲ ਲਈ ਆਪਣੇ ਬੱਚੇ ਦਾ ਨਾਮ ਦਰਜ ਕਰਵਾਉਣਾ

ਐਲੀਮੈਂਟਰੀ ਜਾਂ ਸੈਕੰਡਰੀ ਸਕੂਲ ਲਈ ਆਪਣੇ ਬੱਚੇ ਦਾ ਨਾਮ ਰਜਿਸਟਰ ਕਰਵਾਉਣ ਲਈ ਤੁਹਾਨੂੰ ਆਪਣੇ ਬੱਚੇ ਦੀ ਉਮਰ ਅਤੇ ਆਪਣੇ ਮੌਜੂਦਾ ਪਤੇ ਦਾ ਸਬੂਤ ਮੁਹੱਈਆ ਕਰਵਾਉਣ ਦੀ ਲੋੜ ਹੋਵੇਗੀ। ਕੁਝ ਸਕੂਲ ਇਹ ਦੇਖਣ ਲਈ ਤੁਹਾਡੇ ਬੱਚੇ ਦੇ ਮੈਥ ਅਤੇ ਅੰਗਰੇਜ਼ੀ ਭਾਸ਼ਾ ਦੇ ਹੁਨਰਾਂ ਦਾ ਟੈਸਟ ਲੈਣਾ ਚਾਹੁਣਗੇ ਕਿ ਕੀ ਵਧੀਕ ਸਹਾਇਤਾ ਸਹਾਈ ਹੋਵੇਗੀ। ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ, ਆਪਣੇ ਸਥਾਨਕ ਸਕੂਲ ਨਾਲ ਸੰਪਰਕ ਕਰੋ।

ਕੈਨੇਡੀਅਨ ਝੰਡੇ ਨਾਲ ਇੱਕ ਬੈਕਪੈਕ, ਪੈਨ, ਅਤੇ ਨੋਟਬੁੱਕਾਂ ਇਸ ਤੋਂ ਬਾਹਰ ਨਿਕਲੀਆਂ ਹੋਈਆਂ ਹਨ।

ਕੀ ਉਮੀਦ ਕੀਤੀ ਜਾਵੇ

ਕੈਨੇਡਾ ਵਿੱਚ, ਸਕੂਲੀ ਵਰ੍ਹਾ ਸਤੰਬਰ ਵਿੱਚ ਸ਼ੁਰੂ ਹੁੰਦਾ ਹੈ ਅਤੇ ਜੂਨ ਵਿੱਚ ਸਮਾਪਤ ਹੁੰਦਾ ਹੈ। ਤੁਹਾਡਾ ਬੱਚਾ ਛੁੱਟੀਆਂ ਤੋਂ ਇਲਾਵਾ, ਸੋਮਵਾਰ ਤੋਂ ਸ਼ੁੱਕਰਵਾਰ ਸਕੂਲ ਜਾਏਗਾ। ਜੇ ਤੁਸੀਂ ਸਾਲ ਦੇ ਅੱਧ ਵਿੱਚ ਕੈਨੇਡਾ ਪਹੁੰਚਦੇ ਹੋ ਤਾਂ ਚਿੰਤਾ ਨਾ ਕਰੋ। ਸਕੂਲ ਦੀ ਸ਼ੁਰੂਆਤ ਕਰਨ ਲਈ ਤੁਹਾਡੇ ਬੱਚੇ ਦਾ ਫੇਰ ਵੀ ਸਵਾਗਤ ਕੀਤਾ ਜਾਵੇਗਾ।

ਐਲੀਮੈਂਟਰੀ ਸਕੂਲ ਵਿੱਚ ਤੁਹਾਡਾ ਬੱਚਾ ਮੁਢਲੀ ਰੀਡਿੰਗ, ਰਾਇਟਿੰਗ, ਮੈਥੇਮੈਟਿਕਸ, ਸੋਸ਼ਲ ਸਟੱਡੀਜ਼, ਸਾਇੰਸ, ਹੈਲਥ, ਫ਼ਿਜ਼ੀਕਲ ਐਜੂਕੇਸ਼ਨ ਅਤੇ ਆਰਟਸ ਦੀ ਪੜ੍ਹਾਈ ਕਰੇਗਾ। ਇਹਨਾਂ ਦਾ ਜ਼ਿਕਰ ਮੂਲ ਵਿਸ਼ਿਆਂ ਵੱਜੋਂ ਕੀਤਾ ਜਾਂਦਾ ਹੈ। ਸੈਕੰਡਰੀ ਸਕੂਲ ਵਿੱਚ, ਤੁਹਾਡਾ ਬੱਚਾ ਇਹਨਾਂ ਮੂਲ ਵਿਸ਼ਿਆਂ ਵਿੱਚ ਪੜ੍ਹਾਈ ਜਾਰੀ ਰੱਖੇਗਾ। ਤੁਹਾਡਾ ਬੱਚਾ ਕਾਲਜ ਜਾਂ ਯੂਨੀਵਰਸਿਟੀ ਲਈ ਵੀ ਤਿਆਰੀ ਕਰੇਗਾ। ਜੇ ਤੁਹਾਡੇ ਬੱਚੇ ਦੀਆਂ ਖਾਸ ਦਿਲਚਸਪੀਆਂ ਹਨ ਜਾਂ ਉਹ ਖਾਸ ਕੈਰੀਅਰ ਲਈ ਤਿਆਰੀ ਕਰਨਾ ਚਾਹੁੰਦਾ ਹੈ, ਤਾਂ ਉਹ ਹੋਰਨਾਂ ਵਿਸ਼ਿਆਂ ਬਾਰੇ ਵੀ ਪਤਾ ਲਗਾ ਸਕਦਾ ਜਾਂ ਸਕਦੀ ਹੈ।

ਤੁਹਾਡਾ ਬੱਚਾ ਸਕੂਲ ਤੋਂ ਬਾਅਦ ਵਾਲੀਆਂ ਜਾਂ ਦੁਪਹਿਰ ਦੇ ਸਮੇਂ ਦੀਆਂ ਗਤੀਵਿਧੀਆਂ ਵਿਚ ਵੀ ਭਾਗ ਲੈ ਸਕਦਾ ਹੈ ਜਿਵੇਂ ਕਿ ਟੀਮ ਖੇਡਾਂ, ਸਾਇੰਸ, ਸੰਗੀਤ ਅਤੇ ਡਰਾਮਾ ਕਲੱਬ। ਜਦੋਂ ਉਹ ਕਾਲਜ ਜਾਂ ਯੂਨੀਵਰਸਿਟੀ ਦਰਖਾਸਤ ਦਿੰਦੇ ਹਨ ਤਾਂ ਇਹਨਾਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਉਹਨਾਂ ਦੀ ਮਦਦ ਕਰੇਗੀ।

ਸਾਲ ਵਿੱਚ ਦੋ ਵਾਰੀ, ਅਧਿਆਪਕ ਮਾਪਿਆਂ ਲਈ ਰਿਪੋਰਟ ਕਾਰਡ ਤਿਆਰ ਕਰਦੇ ਹਨ। ਇਹਨਾਂ ਵਿੱਚ ਤੁਹਾਡੇ ਬੱਚੇ ਦੇ ਸਕੂਲ ਗ੍ਰੇਡ ਸ਼ਾਮਲ ਹੁੰਦੇ ਹਨ ਤਾਂ ਜੋ ਤੁਹਾਡੀ ਇਹ ਸਮਝਣ ਵਿੱਚ ਮਦਦ ਹੋ ਸਕੇ ਕਿ ਉਹ ਸਕੂਲ ਵਿੱਚ ਕਿਹੋ ਜਿਹੀ ਕਾਰਗੁਜ਼ਾਰੀ ਦਿਖਾ ਰਹੇ ਹਨ।